Brief History – Gurudwara Dukh Niwaran Guru Ka Taal Agra

Latest photo gkt 11-08-16 2

             ਇਤਿਹਾਸਕ ਗੁਰਦੁਆਰਾ: ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ

                                 ਗੁਰਦੁਆਰਾ ਦੂਖ ਨਿਵਾਰਨ ਗੁਰੂ ਕਾ ਤਾਲ

                                                                  ਆਗਰਾ (ਉੱਤਰ ਪ੍ਰਦੇਸ਼)

ਹਿੰੰਦੁਸਤਾਨ ਦੀ ਸਰਜ਼ਮੀਨ ਉੱਪਰ ਰਾਜ ਕਰ ਰਹੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਆਮ ਲੋਕਾਂ ਉੱਪਰ ਜ਼ੁਲਮ ਏਨੇ ਵਧ ਗਏ ਸਨ ਕਿ ਉਸ ਨੂੰ ਪੂਰੇ ਹਿੰਦੁਸਤਾਨ ਵਿਚ ਮੁਸਲਮਾਨਾਂ ਤੋਂ ਬਿਨਾਂ ਹੋਰ ਕੋਈ ਵੀ ਕੌਮ ਦਾ ਵਸਣਾ ਮਨਜ਼ੂਰ ਨਹੀਂ ਸੀ | ਸੋ ਉਸ ਨੇ ਹਿੰਦੂਆਂ ਨੂੰ ਤਲਵਾਰ ਦੇ ਜ਼ੋਰ ਨਾਲ ਜਬਰੀ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ | ਕਸ਼ਮੀਰ ਵਿਚ ਵੱਡੀ ਗਿਣਤੀ ਹਿੰਦੂ ਪਰਿਵਾਰ ਰਹਿ ਰਹੇ ਸਨ | ਔਰੰਗਜ਼ੇਬ ਨੇ ਕਸ਼ਮੀਰ ਦੇ ਸੂਬੇਦਾਰ ਸ਼ੇਰ ਅਫਗਾਨ ਖਾਨ ਨੂੰ ਇਕ ਲਿਖਤੀ ਹੁਕਮ ਭੇਜ ਕੇ ਕਸ਼ਮੀਰੀ ਬ੍ਰਾਹਮਣਾਂ ਨੂੰ ਲਾਲਚਵੱਸ ਜਾਂ ਜ਼ਬਰਦਸਤੀ ਮੁਸਲਮਾਨ ਬਣਾਉਣ ਦੀ ਤਾਕੀਦ ਕੀਤੀ | ਬ੍ਰਾਹਮਣਾਂ ਨੇ ਸੂਬੇਦਾਰ ਪਾਸੋਂ ਫੈਸਲਾ ਲੈਣ ਲਈ ਥੋੜ੍ਹਾ ਸਮਾਂ ਮੰਗ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਹਿ ਰਹੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਪਾਸ ਮਦਦ ਦੀ ਗੁਹਾਰ ਲਗਾਈ | ਕਸ਼ਮੀਰੀ ਬ੍ਰਾਹਮਣ 25 ਮਈ ਸੰਨ 1675 ਨੂੰ ਪੰਡਿਤ ਕ੍ਰਿਪਾ ਰਾਮ ਦੱਤ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੋਲ ਪਹੁੰਚੇ ਅਤੇ ਤਿਲਕ ਜੰਞੂ ਬਾਰੇ ਖਤਰੇ ਦੀ ਸਾਰੀ ਵਿੱਥਿਆ ਸੁਣਾਈ |

ਗੁਰੂ ਜੀ ਦੀ ਗੰਭੀਰਤਾ ਨੂੰ ਦੇਖ ਕੇ ਉਨ੍ਹਾਂ ਦੇ ਸਪੁੱਤਰ ਗੋਬਿੰਦ ਰਾਏ ਨੇ ਗੁਰੂ ਜੀ ਨੂੰ ਬ੍ਰਾਹਮਣਾਂ ਦੇ ਧਰਮ ਦੀ ਰੱਖਿਆ ਲਈ ਸ਼ਹੀਦੀ ਦੇਣ ਲਈ ਕਿਹਾ | ਗੁਰੂ ਤੇਗ਼ ਬਹਾਦਰ ਜੀ ਨੇ ਪੰਡਿਤ ਕ੍ਰਿਪਾ ਰਾਮ ਦੱਤ ਦੁਆਰਾ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਇਹ ਸੁਨੇਹਾ ਭੇਜਿਆ ਕਿ ਜੇਕਰ ਉਹ ਗੁਰੂ ਜੀ ਨੂੰ ਮੁਸਲਮਾਨ ਬਣਾ ਲਵੇਗਾ ਤਾਂ ਸਾਰੇ ਹਿੰਦੂ ਆਪੇ ਮੁਸਲਮਾਨ ਧਰਮ ਅਪਣਾ ਲੈਣਗੇ | ਇਹ ਸੁਨੇਹਾ ਮਿਲਣ ਸਾਰ ਮੁਗਲ ਬਾਦਸ਼ਾਹ ਨੇ ਕਸ਼ਮੀਰ ਦੇ ਸੂਬੇਦਾਰ ਸ਼ੇਰ ਅਫਗਾਨ ਖਾਨ ਨੂੰ ਫ਼ਰਮਾਨ ਜਾਰੀ ਕੀਤਾ ਕਿ ਗੁਰੂ ਤੇਗ਼ ਬਹਾਦਰ ਨੂੰ ਦਿੱਲੀ ਦਰਬਾਰ ਵਿਚ ਪੇਸ਼ ਹੋਣ ਲਈ ਕਹੇ | ਗੁਰੂ ਸਾਹਿਬ ਆਪਣੇ ਨੇੜਲੇ ਸਾਥੀਆਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਜੀ, ਭਾਈ ਉਦੋ ਜੀ, ਭਾਈ ਜੈਤਾ ਜੀ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਤੋਂ ਕੀਰਤਪੁਰ, ਰੋਪੜ, ਸੈਫਾਬਾਦ, ਪਟਿਆਲਾ, ਸਮਾਣਾ, ਕੈਥਲ, ਜੀਂਦ, ਰੋਹਤਕ, ਮਥੁਰਾ ਹੁੰਦੇ ਹੋਏ ਦਿੱਲੀ ਵੱਲ ਨੂੰ ਵਧ ਰਹੇ ਸਨ | ਉਧਰ ਔਰੰਗਜ਼ੇਬ ਨੇ ਗੁਰੂ ਜੀ ਨੂੰ ਗਿ੍ਫ਼ਤਾਰ ਕਰਵਾਉਣ ਵਾਲੇ ਲਈ 500 ਮੋਹਰਾਂ ਇਨਾਮ ਵਜੋਂ ਦੇਣ ਦਾ ਐਲਾਨ ਕਰ ਦਿੱਤਾ | ਆਗਰਾ ਲਾਗਲੇ ਪਿੰਡ ਕਕਰੇਟਾ ਦੇ ਸੱਯਦ ਅਹਿਮਦ ਅਲੀ ਖਾਂ ਦੇ ਪੋਤਰੇ ਹਸਨ ਅਲੀ ਖਾਨ, ਜੋ ਬੱਕਰੀਆਂ ਚਾਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ, ਨੇ ਮਨ ਹੀ ਮਨ ਸੋਚਿਆ ਕਿ ਜੇਕਰ ਗੁਰੂ ਜੀ ਮੇਰੇ ਰਾਹੀਂ ਗਿ੍ਫ਼ਤਾਰੀ ਦੇ ਦੇਣ ਤਾਂ ਮੈਂ 500 ਮੋਹਰਾਂ ਇਨਾਮ ਲੈ ਕੇ ਆਪਣੀਆਂ ਦੋਵਾਂ ਲੜਕੀਆਂ ਦਾ ਨਿਕਾਹ ਕਰ ਸਕਾਂਗਾ |

ਗੁਰੂ ਜੀ ਅਕਤੂਬਰ 1675 ਨੂੰ ਆਗਰਾ ਦੇ ਨੇੜਲੇ ਕਸਬਾ ਸਿਕੰਦਰਾ ਦੇ ਪਿੰਡ ਕਕਰੇਟਾ ਦੇ ਬਾਦਸ਼ਾਹੀ ਬਾਗ ਜਿਥੇ ਹਸਨ ਅਲੀ ਬੱਕਰੀਆਂ ਚਾਰ ਰਿਹਾ ਸੀ, ਵਿਖੇ ਪਹੁੰਚੇ | ਆਪਣੀ ਗਿ੍ਫ਼ਤਾਰੀ ਦੇਣ ਦੇ ਮਕਸਦ ਨਾਲ ਗੁਰੂ ਜੀ ਨੇ ਚਰਵਾਹੇ ਨੂੰ ਕੋਲ ਬੁਲਾ ਕੇ ਹੀਰੇ ਦੇ ਨਗ ਵਾਲੀ ਇਕ ਅੰਗੂਠੀ ਅਤੇ ਕੀਮਤੀ ਦੁਸ਼ਾਲਾ ਦੇ ਕੇ ਸ਼ਹਿਰ ਵਿਚੋਂ ਕੁਝ ਰਸਦ ਲੈਣ ਲਈ ਭੇਜਿਆ | ਰਸਦ ਲੈਣ ਗਏ ਚਰਵਾਹੇ ਕੋਲ ਮਹਿੰਗੀਆਂ ਵਸਤਾਂ ਦੇਖ ਕੇ ਦੁਕਾਨਦਾਰ ਨੂੰ ਹਸਨ ਅਲੀ ਦੇ ਚੋਰ ਹੋਣ ਦਾ ਭੁਲੇਖਾ ਪੈ ਗਿਆ ਅਤੇ ਉਸ ਨੇ ਹਸਨ ਅਲੀ ਨੂੰ ਪੁਲਿਸ ਨੂੰ ਫੜਾ ਦਿੱਤਾ | ਉਸ ਦੀ ਨਿਸ਼ਾਨਦੇਹੀ ‘ਤੇ ਜਦ ਪੁਲਿਸ ਬਾਦਸ਼ਾਹੀ ਬਾਗ ਵਿਖੇ ਪਹੁੰਚੀ ਤਾਂ ਗੁਰੂ ਜੀ ਦੀ ਸਹੀ ਸ਼ਨਾਖਤ ਹੋ ਗਈ | ਬਾਗ ਨੂੰ ਘੇਰਾ ਪਾ ਕੇ ਗੁਰੂ ਜੀ ਨੂੰ ਗਿ੍ਫ਼ਤਾਰ ਕਰਕੇ ਬਾਗ ਦੇ ਲਾਗੇ ਹੀ ਇਕ ਇਮਾਰਤ ਦੇ ਤਹਿਖਾਨੇ ਵਿਚ ਬੰਦ ਕਰ ਦਿੱਤਾ ਗਿਆ | 9 ਦਿਨ ਦੀ ਨਜ਼ਰਬੰਦੀ ਤੋਂ ਬਾਅਦ 12000 ਸਿਪਾਹੀਆਂ ਦੀ ਨਿਗਰਾਨੀ ਹੇਠ ਗੁਰੂ ਜੀ ਨੂੰ ਆਗਰਾ ਤੋਂ ਦਿੱਲੀ ਵਿਖੇ ਲਿਜਾਇਆ ਗਿਆ | ਮੁਗਲ ਬਾਦਸ਼ਾਹ ਦੇ ਇਸ਼ਾਰੇ ‘ਤੇ ਦਿੱਲੀ ਦੇ ਕਾਜ਼ੀਆਂ ਨੇ ਗੁਰੂ ਜੀ ਅੱਗੇ ਤਿੰਨ ਸ਼ਰਤਾਂ ਰੱਖੀਆਂ ਕਿ ਉਹ ਕੋਈ ਕਰਾਮਾਤ ਦਿਖਾਉਣ, ਇਸਲਾਮ ਨੂੰ ਕਬੂਲ ਕਰਨ ਜਾਂ ਫਿਰ ਸ਼ਹਾਦਤ ਲਈ ਤਿਆਰ ਹੋ ਜਾਣ | ਗੁਰੂ ਜੀ ਨੇ ਸ਼ਹੀਦ ਹੋਣਾ ਹੀ ਕਬੂਲ ਕੀਤਾ |

ਸੋ, 11 ਨਵੰਬਰ 1675 ਨੂੰ ਗੁਰੂ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦ ਕਰ ਦਿੱਤਾ ਗਿਆ | ਜਿਸ ਜਗ੍ਹਾ ਗੁਰੂ ਤੇਗ਼ ਬਹਾਦਰ ਜੀ ਨੇ ਸ਼ਹੀਦ ਹੋਣ ਤੋਂ ਪਹਿਲਾਂ ਗਿ੍ਫ਼ਤਾਰੀ ਦਿੱਤੀ ਸੀ, ਉਸ ਅਸਥਾਨ ‘ਤੇ ਗੁਰਦੁਆਰਾ ਦੂਖ ਨਿਵਾਰਨ ਗੁਰੂ ਕਾ ਤਾਲ ਦੀ ਸੁੰਦਰ ਇਮਾਰਤ ਬਣੀ ਹੋਈ ਹੈ | ਜਿਥੇ ਗੁਰੂ ਸਾਹਿਬ ਨੂੰ ਗਿ੍ਫ਼ਤਾਰ ਕਰਕੇ 9 ਦਿਨ ਨਜ਼ਰਬੰਦ ਕੀਤਾ ਗਿਆ ਸੀ, ਉਸ ਭੋਰੇ ਨੂੰ ਵੀ ਇਕ ਇਤਿਹਾਸਕ ਯਾਦਗਾਰ ਵਜੋਂ ਸੰਭਾਲਣ ਦਾ ਯਤਨ ਕੀਤਾ ਗਿਆ ਹੈ | ਗੁਰਦੁਆਰਾ ਸਾਹਿਬ ਗੁਰੂ ਕਾ ਤਾਲ ਨੂੰ ਭਾਰਤ ਸਰਕਾਰ ਦੁਆਰਾ 22 ਦਸੰਬਰ 1920 ਨੂੰ ਪੁਰਾਤਨ ਸਮਾਰਕ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ | ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਸੰਗਤਾਂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ |